34 ਸਾਲਾ ਪਗੜੀਧਾਰੀ ਨੌਜਵਾਨ ਗੁਰਬਾਜ਼ ਪਵਾਰ ਏਐਫਆਰ ਦੀ ‘ਬੌਸ ਯੰਗ ਐਗਜ਼ੈਕਟਿਵਸ’ ਸੂਚੀ ਵਿੱਚ ਹੋਇਆ ਸ਼ਾਮਲ

MP's Trials  (10).jpg

ਗੁਰਬਾਜ਼ ਪਵਾਰ ਨੂੰ 2024 ਦਾ ਬੌਸ ਯੰਗ ਐਗਜ਼ੈਕਟਿਵ ਆਫ ਦਾ ਯੀਅਰ ਦਾ ਸਨਮਾਨ। Credit: Supplied.

Get the SBS Audio app

Other ways to listen

ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਹਰ ਸਾਲ ਇੱਕ ਅਜਿਹੀ ਸੂਚੀ ਜਾਰੀ ਕਰਦਾ ਹੈ ਜਿਸ ਵਿੱਚ ਆਸਟ੍ਰੇਲੀਆ ਭਰ ਤੋਂ ਚੋਟੀ ਦੇ 6 ਨੌਜਵਾਨ ਐਗਜ਼ੈਕਟਿਵਸ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਸਾਲ 2024 ਦੀ ਸੂਚੀ ਵਿੱਚ ਪੰਜਾਬੀ ਮੂਲ ਦੇ ਪਗੜੀਧਾਰੀ ਸਿੱਖ ਨੌਜਵਾਨ ਗੁਰਬਾਜ਼ ਸਿੰਘ ਪਵਾਰ ਨੂੰ ਘੱਟ ਉਮਰ ਵਿੱਚ ਚੋਟੀ ਦੀ ਇੱਕ ਕੰਪਨੀ ਵਿੱਚ ਉੱਚੇ ਅਹੁਦੇ ਤੱਕ ਪਹੁੰਚਣ ਲਈ ਸਨਮਾਨ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਸ਼ਾਮਲ ਹੋਣ ਤੱਕ ਦੇ ਚੁਣੌਤੀਆਂ ਭਰੇ ਸਫਰ ਨੂੰ ਗੁਰਬਾਜ਼ ਨੇ ਕਿਵੇਂ ਸਹਿਜ ਬਣਾਇਆ, ਇਸ ਖਾਸ ਗੱਲਬਾਤ ਰਾਹੀਂ ਜਾਣੋ....


ਆਸਟ੍ਰੇਲੀਆ ਵਿੱਚ ਉਭਰ ਰਹੇ ਸੰਭਾਵੀ ਨੌਜਵਾਨ ਕਾਰਜਕਰਤਾਵਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਹਰ ਸਾਲ 6 ਅਜਿਹੇ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਚੋਟੀ ਦੀਆਂ ਸੰਸਥਾਵਾਂ ਵਿੱਚ ਸਿਖਰਲੀਆਂ ਪੋਜ਼ੀਸ਼ਨਾਂ ‘ਤੇ ਨੌਕਰੀ ਕਰਨ ਦੀ ਸੰਭਾਵਨਾ ਦੇਖੀ ਜਾ ਸਕਦੀ ਹੈ। ਇਸ ਨੂੰ ‘ਬੌਸ ਯੰਗ ਐਗਜ਼ੈਕਟਿਵਸ’ ਕਿਹਾ ਜਾਂਦਾ ਹੈ।

2024 ਦੀ ਇਸ ਲਿਸਟ ਵਿੱਚ ਸਿਡਨੀ ਵਾਸੀ ਪੰਜਾਬੀ ਮੂਲ ਦੇ ਪਗੜੀਧਾਰੀ ਸਿੱਖ ਨੌਜਵਾਨ ਗੁਰਬਾਜ਼ ਸਿੰਘ ਪਵਾਰ ਨੇ ਸਖਤ ਮੁਕਾਬਲਿਆਂ ਨੂੰ ਸਰ ਕਰਦੇ ਹੋਏ ਆਪਣਾ ਨਾਮ ਸ਼ਾਮਲ ਕਰ ਲਿਆ ਹੈ।
ਮੇਰੀ ਪੜਾਈ ਤੋਂ ਸ਼ੁਰੂ ਹੋ ਕੇ, ਮੇਰੇ ਕਰੀਅਰ ਵਿਚਲੀ ਉੱਨਤੀ ਦੌਰਾਨ ਮੇਰੀ ਪੱਗ ਕਾਫੀ ਸਹਾਇਕ ਹੀ ਸਿੱਧ ਹੋਈ ਹੈ।
ਗੁਰਬਾਜ਼ ਪਵਾਰ
ਵੱਡੇ ਸੁਫਨਿਆਂ ਦੇ ਮਾਲਕ 34 ਸਾਲਾਂ ਦੇ ਨੌਜਵਾਨ ਗੁਰਬਾਜ਼ ਨੇ ਯੰਗ ਐਗਜ਼ੈਕਟਿਵਸ ਵਾਲੀ ਇਹ ਸੂਚੀ ਪਹਿਲੀ ਵਾਰ 18 ਸਾਲ ਪਹਿਲਾਂ ਇੱਕ ਟਰੇਨੀ ਅਕਾਊਂਟੈਂਟ ਦੀ ਨੌਕਰੀ ਸ਼ੁਰੂ ਕਰਨ ਸਮੇਂ ਦੇਖੀ ਸੀ ਅਤੇ ਉਸੇ ਵੇਲੇ ਦਿੱਲ ਵਿੱਚ ਇਹ ਧਾਰ ਲਿਆ ਸੀ ਕਿ ਇੱਕ ਦਿਨ ਆਪਣਾ ਨਾਮ ਵੀ ਇਸ ਸੂਚੀ ਵਿੱਚ ਜਰੂਰ ਸ਼ਾਮਲ ਕਰਨਾ ਹੈ।

ਮੁਸ਼ਕਿਲਾਂ ਅਤੇ ਚੁਣੌਤੀਆਂ ਨੂੰ ਕਿਵੇਂ ਬਣਾਇਆ ਸਹਿਜ:

ਕਈ ਮੁਸ਼ਕਿਲਾਂ ਅਤੇ ਚੁਣੌਤੀਆਂ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਪਾਰ ਕਰਦੇ ਹੋਏ ਇਸ ਸਾਲ ਗੁਰਬਾਜ਼ ਆਪਣਾ ਇਹ ਸੁਫਨਾ ਪੂਰਾ ਕਰਨ ਵਿੱਚ ਕਾਮਯਾਬ ਹੋ ਗਿਆ ਹੈ।

1999 ਵਿੱਚ ਆਪਣੇ ਮਾਤਾ-ਪਿਤਾ ਨਾਲ ਪੰਜਾਬ ਤੋਂ 10 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਪ੍ਰਵਾਸ ਕਰ ਕੇ ਆਉਣ ਵਾਲੇ ਗੁਰਬਾਜ਼ ਦੇ ਪਰਿਵਾਰ ਦੀ ਕਹਾਣੀ ਵੀ ਹਰ ਉਸ ਪ੍ਰਵਾਸੀ ਦੀ ਕਹਾਣੀ ਨਾਲ ਮਿਲਦੀ ਜੁਲਦੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਸ਼ੁਰੂ ਦੇ ਕਈ ਸਾਲਾਂ ਵਿੱਚ ਕਾਫੀ ਸੰਘਰਸ਼ ਕੀਤਾ ਸੀ ਅਤੇ ਬਾਅਦ ਵਿੱਚ ਕਾਮਯਾਬੀਆਂ ਨੇ ਉਹਨਾਂ ਦੇ ਕਦਮ ਚੁੰਮੇ ਸਨ।
ਗੁਰਬਾਜ਼ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮੇਰੀ ਮਾਤਾ ਜੀ ਨੇ ਵੀ ਸ਼ੁਰੂ ਸ਼ੁਰੂ ਵਿੱਚ ਇੱਥੇ ਆ ਕੇ ਮਸ਼ਰੂਮ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ ਸੀ ਜੋ ਕਿ ਮੈਂ ਹਮੇਸ਼ਾਂ ਯਾਦ ਰੱਖਾਂਗਾ।”

ਆਪਣੀ ਪਗੜੀ ਬਾਰੇ ਮਾਣ ਮਹਿਸੂਸ ਕਰਦੇ ਹੋਏ ਗੁਰਬਾਜ਼ ਨੇ ਦੱਸਿਆ, “ਜਦੋਂ 1999 ਵਿੱਚ ਮੈਂ ਪਹਿਲੀ ਵਾਰ ਸਿਡਨੀ ਦੇ ਹਾਈ ਸਕੂਲ ਵਿੱਚ ਗਿਆ ਤਾਂ ਮੇਰੇ ਅਤੇ ਮੇਰੇ ਭਰਾ ਤੋਂ ਇਲਾਵਾ ਹੋਰ ਕੋਈ ਵੀ ਪਗੜੀਧਾਰੀ ਬੱਚਾ ਸਕੂਲ ਵਿੱਚ ਨਹੀਂ ਸੀ।”
GP Colour Professional Photo.jpg
ਅੰਤਰਰਾਸ਼ਟਰੀ ਕੰਪਨੀ ਏਯੂਬੀ ਵਿੱਚ ‘ਹੈੱਡ ਆਫ ਸਟਰੇਟਜੀ ਅਤੇ ਮਰਜਿੰਗ ਐਂਡ ਐਕੂਜ਼ੀਸ਼ਨ’ ਵਜੋਂ ਕੰਮ ਕਰਨ ਵਾਲਾ ਗੁਰਬਾਜ਼ ਸਿੰਘ ਪਵਾਰ Credit: Yie Sandison Photographer Sydney NSW Australia +61 430 146 697
ਪਗੜੀ ਨਾਲ ਬਣੀ ਆਪਣੀ ਨਿਵੇਕਲੀ ਪਹਿਚਾਣ ਨੂੰ ਬਰਕਰਾਰ ਰੱਖਣ ਵਿੱਚ ਆਈਆਂ ਚੁਣੌਤੀਆਂ ਸਦਕਾ ਹੀ ਮੈਂ ਅੱਜ ਇਸ ਚੋਟੀ ਦੇ ਮੁਕਾਮ ਨੂੰ ਹਾਸਲ ਕਰਨ ਵਿੱਚ ਕਾਮਯਾਬ ਹੋ ਸਕਿਆ ਹਾਂ।
Gurbaj Pavar
ਭਵਿੱਖ ਲਈ ਬੁਣੇ ਵੱਡੇ ਸੁਫਨੇ:

ਹੁਣ ਵੱਡੀਆਂ ਕੰਪਨੀਆਂ ਜਿਨ੍ਹਾਂ ਦੀ ਸਲਾਨਾ ਟਰਨਓਵਰ ਬਿਲਿਅਨਸ ਵਿੱਚ ਹੈ, ਉਨ੍ਹਾਂ ਵਿੱਚ ਚੋਟੀ ਦੀ ਨੌਕਰੀ ਕਰਨ ਸਮੇਂ ਗੁਰਬਾਜ਼ ਨੂੰ ਆਪਣੀ ਪਗੜੀ ਸਮੇਤ ਕੰਮ ਕਰਨ ਵਿੱਚ ਉਦੋਂ ਮਾਣ ਮਹਿਸੂਸ ਹੁੰਦਾ ਹੈ ਜਦੋਂ ਦੂਜੀਆਂ ਕੌਮਾਂ ਦੇ ਮਾਹਰਾਂ ਵਲੋਂ ਉਸ ਦੇ ਕੰਮ ਦੀ ਰੱਜਵੀਂ ਤਰੀਫ ਹੁੰਦੀ ਹੈ।

ਅੰਤਰਰਾਸ਼ਟਰੀ ਕੰਪਨੀ ਏਯੂਬੀ ਵਿੱਚ ‘ਹੈੱਡ ਆਫ ਸਟਰੇਟਜੀ ਅਤੇ ਮਰਜਿੰਗ ਐਂਡ ਐਕੂਜ਼ੀਸ਼ਨ’ ਵਜੋਂ ਕੰਮ ਕਰਨ ਵਾਲਾ ਗੁਰਬਾਜ਼ ਛੇਤੀ ਹੀ ਕਿਸੇ ਵੱਡੀ ਕੰਪਨੀ ਦਾ ਸੀਈਓ/ਮੁਖੀ ਬਨਣ ਦੀ ਚਾਹ ਰੱਖਦਾ ਹੈ।

ਗੁਰਬਾਜ਼ ਦੇ ਕਾਮਯਾਬੀਆਂ ਭਰੇ ਹੁਣ ਤੱਕ ਦੇ ਸਫਰ ਦੌਰਾਨ ਆਈਆਂ ਚੁਣੌਤੀਆਂ ਨੂੰ ਹੱਲ ਕਰਨ ਵਾਲੀ ਦ੍ਰਿੜਤਾ, ਉਸ ਦੇ ਭਵਿੱਖ ਲਈ ਬੁਣੇ ਸੁਫਨਿਆਂ ਅਤੇ ਭਾਈਚਾਰੇ ਖਾਸ ਕਰਕੇ ਨੌਜਵਾਨਾਂ ਨੂੰ ਦਿੱਤੇ ਖਾਸ ਸੁਨੇਹੇ ਨੂੰ ਸੁਣਨ ਲਈ ਇਸ ਪ੍ਰੇਣਾਦਾਇਕ ਗੱਲਬਾਤ ਨੂੰ ਸੁਣੋ……..

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share